ਪੱਤਰਕਾਰਾਂ ਨਾਲ ਬਦਸਲੂਕੀ ਕਰਨ ‘ਤੇ ਸਤਲੁਜ ਪ੍ਰੈਸ ਕਲੱਬ ਨੇ ਕੀਤੀ ਮੁੱਖ ਮੰਤਰੀ ਨੂੰ ਕੀਤੀ ਫਿਰੋਜਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਸ਼ਿਕਾਇਤ
ਮਹਾਵੀਰ ਝੋਕ/ਫਿਰੋਜਪੁਰ
ਫਿਰੋਜਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵੱਲੋ ਆਪ ਪਾਰਟੀ ਦੀ ਵਰਕਰ ਮੀਟਿੰਗ ‘ਚ ਤਿੰਨ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਅਤੇ ਮੀਟਿੰਗ ਦੌਰਾਨ ਪੱਤਰਕਾਰਾਂ ਵੱਲੋ ਬਣਾਈ ਵੀਡੀਓ ਆਪਣੇ ਸਿਪਾਹ ਸਲਾਰਾਂ ਨਾਲ ਰਲ ਧੱਕੇ ਨਾਲ ਡੀਲੀਟ ਕਰਨ ਦੀ ਸਤਲੁਜ ਪ੍ਰੈਸ ਕਲੱਬ ਕਰੜੀ ਨਿੰਦਾ ਕਰਦਾ ਕੀਤੀ ਹੈ।
-
ਜੇਕਰ ਤਿੰਨ ਦਿਨਾਂ ‘ਚ ਠੋਸ ਕਾਰਵਾਈ ਨਾ ਹੋਈ ਤਾਂ ਪੱਤਰਕਾਰ ਵਿਧਾਇਕ ਖਿਲਾਫ ਖੋਲ੍ਹਣਗੇ ਮੋਰਚਾ: ਸਿੱਧੂ, ਸ਼ਰਮਾ
ਸਤਲੁਜ ਪ੍ਰੈਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੱਧੂ ਅਤੇ ਚੈਅਰਮੈਨ ਵਿਜੇ ਸ਼ਰਮਾ ਨੇ ਦੱਸਿਆ ਕਿ ਬੀਤੇ ਕੱਲ੍ਹ (9 ਸਿਤੰਬਰ) ਨੂੰ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਘਾਂਗਾ ਗੁਰੂਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਖੁੱਲ੍ਹੇ ਵਿੱਚ ਮੀਟਿੰਗ ਕਰ ਰਹੇ ਸਨ। ਜਿਸ ਵਿਚ ਪਾਰਟੀ ਦੇ ਸਥਾਨਿਕ ਆਗੂ ਅਤੇ ਵਲੰਟੀਅਰ ਹਲਕਾ ਇੰਚਾਰਜ ਹਰਜਿੰਦਰ ਸਿੰਘ ਘਾਂਗਾ ਕੋਲ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ ਖਿਲਾਫ ਸ਼ਿਕਾਇਤਾਂ ਲਗਾ ਰਹੇ ਸਨ ਕਿ ਸਾਡਾ ਕਿਸੇ ਦਫਤਰ ਕੋਈ ਕੰਮ ਨਹੀ ਹੋ ਰਿਹਾ , ਸ਼ਹਿਰ ‘ਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਪਰ ਵਿਧਾਇਕ ਭੁੱਲਰ ਕੋਈ ਸੁਣਵਾਈ ਨਹੀ ਕਰ ਰਹੇ ਏਨੀ ਦੇਰ ਨੂੰ ਵਿਧਾਇਕ ਰਣਬੀਰ ਸਿੰਘ ਭੁੱਲਰ ਪੁੱਜ ਗਏ ਅਤੇ ਵਰਕਰਾਂ ਅਤੇ ਵਿਧਾਇਕ ‘ਚ ਜ਼ੋਰਦਾਰ ਤਲਖ਼ੀ ਹੋ ਗਈ।
ਇਸ ਦੌਰਾਨ ਪੱਤਰਕਾਰ ਅਸ਼ੋਕ ਕੁਮਾਰ, ਜਸਪਾਲ ਸਿੰਘ ਅਤੇ ਗੁਰਦਰਸ਼ਨ ਸਿੰਘ ਸੰਧੂ ਕਵਰੇਜ ਕਰ ਰਹੇ ਸਨ, ਜਿਸ ਨੂੰ ਵੇਖ ਕੇ ਵਿਧਾਇਕ ਰਣਬੀਰ ਸਿੰਘ ਭੁੱਲਰ ਤੈਸ਼ ਵਿੱਚ ਆ ਗਏ ਅਤੇ ਪੱਤਰਕਾਰਾਂ ਨੂੰ ਭੱਦੀ ਸ਼ਬਦਾਵਲੀ ਅਤੇ ਧਮਕੀਆਂ ਦੇਣ ਲੱਗੇ ਅਤੇ ਆਪਣੇ ਗੰਨਮੈਨਾਂ ਅਤੇ ਸਿਪਾਹ ਸਿਲਾਰਾਂ ਨਾਲ ਰਲ ਪੱਤਰਕਾਰਾਂ ਦੇ ਕੈਮਰਿਆਂ ‘ਚੋਂ ਜ਼ਬਰੀ ਵੀਡਿਉ ਡਿਲੀਟ ਕਰਵਾਈ ਗਈ।
ਜਿਸ ਸੰਬੰਧੀ ਅੱਜ ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਵੱਲੋ ਅੱਜ ਹੰਗਾਮੀ ਮੀਟਿੰਗ ਕਰਕੇ ਵਿਧਾਇਕ ਭੁੱਲਰ ਦੇ ਖਿਲਾਫ ਪਾਰਟੀ ਦੇ ਕਾਰਜਕਾਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਪਾਰਟੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੂੰ ਲਿਖਤੀ ਸ਼ਿਕਾਇਤ ਭੇਜ ਕਾਰਵਾਈ ਦੀ ਮੰਗ ਕੀਤੀ ਹੈ। ਪ੍ਰੈੱਸ ਕਲੱਬ ਨੇ ਕਿਹਾ ਕਿ ਜੇਕਰ ਤਿੰਨ ਦਿਨਾਂ ਅੰਦਰ ਵਿਧਾਇਕ ਖਿਲਾਫ ਕੋਈ ਕਾਰਵਾਈ ਨਾ ਹੋਈ ਤਾਂ ਸਤਲੁਜ ਪ੍ਰੈਸ ਕਲੱਬ ਵੱਖ ਜਥੇਬੰਦੀਆਂ, ਅਤੇ ਜ਼ਿਲ੍ਹੇ ਦੀਆਂ ਪ੍ਰੈੱਸ ਕਲੱਬਾਂ ਨੂੰ ਨਾਲ ਲੈ ਵਿਧਾਇਕ ਭੁੱਲਰ ਖਿਲਾਫ ਵੱਡਾ ਮੋਰਚਾ ਖੋਲ੍ਹਣ ਤੋ ਗੁਰੇਜ਼ ਨਹੀ ਕਰੇਗਾ। ਇਸ ਮੌਕੇ ਸਤਲੁਜ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਮੈਬਰ ਹਾਜ਼ਰ ਸਨ। ਇਸ ਘਟਨਾ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ।
ਇਸ ਸਬੰਧ ਵਿੱਚ ਜਦੋਂ ਵਿਧਾਇਕ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿਸੇ ਵੀ ਪੱਤਰਕਾਰ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਗਈ ਅਤੇ ਨਾ ਹੀ ਕੋਈ ਧੱਕੇ ਨਾਲ ਵੀਡੀਓ ਡਲੀਟ ਕਰਾਈ ਗਈ ਹੈ।