ਕੀ 5 ਦਿਨਾਂ ਬਾਅਦ ਰੱਦ ਹੋਵੇਗੀ RSD ਕਾਲਜ ਦੀ ਮਾਨਤਾ?ਕੀ 1400 ਵਿਦਿਆਰਥੀਆਂ ਤੇ 130 ਮੁਲਾਜ਼ਮਾਂ ਦਾ ਭਵਿੱਖ ਲਟਕੇਗਾ?
ਫ਼ਿਰੋਜ਼ਪੁਰ (ਸੁਨੀਲ). ਫ਼ਿਰੋਜ਼ਪੁਰ ਦੇ ਇਤਿਹਾਸਕ ਆਰ.ਐਸ.ਡੀ. ਕਾਲਜ ਵਿੱਚੋਂ ਬਿਨਾਂ ਵਜ੍ਹਾ ਕੱਢੇ ਤਿੰਨ ਅਧਿਆਪਕਾਂ ਦਾ ਮਾਮਲਾ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਕਾਲਜ ਮੈਨੇਜਮੈਂਟ ਆਪਣੇ ਬੇਅਸੂਲੇ ਫੈਸਲੇ ਤੇ ਅੜੀ ਹੋਈ ਹੈ। ਦੂਜੇ ਪਾਸੇ ਅਧਿਆਪਕਾਂ ਦਾ ਸੰਘਰਸ਼ 43ਵੇਂ ਦਿਨ ਵਿੱਚ ਪਹੁੰਚ ਗਿਆ ਹੈ। ਕਾਲਜ ਦੇ ਬਾਹਰ ਚੱਲ ਰਹੇ ਦਿਨ ਰਾਤ ਦੇ ਧਰਨੇ ਨੂੰ ਮੁਲਾਜ਼ਮ ਜਥੇਬੰਦੀਆਂ , ਕਿਸਾਨ ਯੂਨੀਅਨਾਂ , ਸਮਾਜ ਸੇਵੀ ਜਥੇਬੰਦੀਆਂ , ਕਾਲਜ ਦੇ ਸੇਵਾ ਮੁਕਤ ਅਧਿਆਪਕਾਂ ਦਾ ਸਮਰਥਨ ਲਗਾਤਾਰ ਵਧ ਰਿਹਾ ਹੈ।
ਕੱਢੇ ਗਏ ਅਧਿਆਪਕਾਂ ਦੇ ਹੌਂਸਲੇ ਬੁਲੰਦ ਹਨ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਸਰਕਾਰ ਨੇ ਉਹਨਾਂ ਦੇ ਸਟੈਂਡ ਨੂੰ ਸਹੀ ਮੰਨਿਆ ਹੈ ਅਤੇ ਉਹਨਾਂ ਦੀ ਬਰਤਰਫੀ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਪੰਜਾਬ ਯੂਨੀਵਰਸਿਟੀ ਨੇ ਆਪਣੇ ਪਹਿਲੀ ਅਗਸਤ ਨੂੰ ਕਾਲਜ ਵੱਲ ਲਿਖੇ ਇੱਕ ਪੱਤਰ ਵਿੱਚ ਇਹਨਾਂ ਅਧਿਆਪਕਾਂ ਰੀਜੁਆਇਨ ਕਰਾਉਣ ਦੀ ਹਦਾਇਤ ਦਿੱਤੀ ਗਈ ਸੀ। ਜਿਸ ਨੂੰ ਕਾਲਜ ਮੈਨੇਜਮੈਂਟ ਵੱਲੋਂ ਰੱਦ ਕਰ ਦਿੱਤਾ ਗਿਆ।
ਉਸ ਉਪਰੰਤ ਯੂਨੀਵਰਸਿਟੀ ਨੇ ਸਿੰਡੀਕੇਟ ਮੈਂਬਰਾਂ ਦੀ ਇੱਕ ਟੀਮ ਕਾਲਜ ਇੰਸਪੈਕਸ਼ਨ ਲਈ ਭੇਜੀ। ਉਸ ਟੀਮ ਤਿੰਨ ਵਾਰ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਪਰ ਕਾਲਜ ਮੈਨੇਜਮੈਂਟ ਨੇ ਕਮੇਟੀ ਦੀ ਪ੍ਰਵਾਹ ਨਾ ਕੀਤੀ। ਅਖੀਰ ਕਮੇਟੀ ਨੇ ਆਪਣੀ ਰਿਪੋਰਟ ਯੂਨੀਵਰਸਿਟੀ ਨੂੰ ਪੇਸ਼ ਕਰ ਦਿੱਤੀ। 26/08/23 ਨੂੰ ਸਿੰਡੀਕੇਟ ਦੀ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆ ਗਿਆ ਅਤੇ ਸਰਬਸੰਮਤੀ ਨਾਲ ਕਾਲਜ ਦੀ ਐਫੀਲੀਏਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਸਬੰਧ ਵਿੱਚ ਇੱਕ ਹਿੰਦੀ ਅਖਬਾਰ ਵਿੱਚ ਛਪੀ ਖ਼ਬਰ ਨੂੰ ਕਾਲਜ ਮੈਨੇਜਮੈਂਟ ਵੱਲੋਂ ਝੂਠੀ ਅਤੇ ਬੇਬੁਨਿਆਦ ਦੱਸਿਆ ਗਿਆ।
ਹੁਣ 15//09//23 ਨੂੰ ਯੂਨੀਵਰਸਿਟੀ ਨੇ ਇੱਕ ਪੱਤਰ ਰਾਹੀਂ ਪੰਜ ਦਿਨ ਦੇ ਅੰਦਰ ਇਹਨਾਂ ਅਧਿਆਪਕਾਂ ਨੂੰ ਰੀਜੁਆਇਨ ਨਾ ਕਰਵਾਏ ਜਾਣ ਤੇ ਕਾਲਜ ਦੀ ਮਾਨਤਾ ਰੱਦ ਕੀਤੇ ਜਾਣ , ਯੂਜੀਸੀ/ ਪੰਜਾਬ ਸਰਕਾਰ ਦੀ ਕਿਸੇ ਗਰਾਂਟ ਲਈ ਰਿਕਮੈਂਡੇਸ਼ਨ ਨਾ ਕਰਨ ਅਤੇ ਇਮਤਿਹਾਨਾਂ ਲਈ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਸਵੀਕਾਰ ਨਾ ਕਰਨ ਦਾ ਫੈਸਲਾ ਲਿਆ ਹੈ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਵਿਭਾਗ ਨੇ ਆਪਣੇ 04// 09//23 ਦੇ ਪੱਤਰ ਰਾਹੀਂ ਇਹਨਾਂ ਅਧਿਕਾਪਕਾਂ ਨੂੰ ਬਹਾਲ ਕਰਨ ਦਾ ਫੈਸਲਾ ਕਰਕੇ ਕਾਲਜ ਨੂੰ ਹਦਾਇਤ ਕੀਤੀ ਕਿ ਇਹਨਾਂ ਅਧਿਆਪਕਾਂ ਨੂੰ ਤੁਰੰਤ ਜੁਆਇਨ ਕਰਾਉਣ ਦਾ ਹੁਕਮ ਜਾਰੀ ਕੀਤਾ ਸੀ।
ਇਸ ਕਾਲਜ ਵੱਲੋਂ ਵਾਰ ਵਾਰ ਪੰਜਾਬ ਸਰਕਾਰ ਦੇ ਸਰਵਿਸ ਸਕਿਓਰਿਟੀ ਐਕਟ (1974) , ਪੰਜਾਬ ਯੂਨੀਵਰਸਿਟੀ ਦੇ ਕੈਲੰਡਰ ਵਿੱਚ ਦਰਜ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਹੈ।
ਹੁਣ ਤੱਕ ਕਾਲਜ ਮੈਨੇਜਮੈਂਟ ਇਹ ਹੁਕਮਾਂ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਦੀ ਆਈ ਹੈ।
ਹੁਣ ਵੇਖਣਾ ਇਹ ਹੈ ਮਾਨਤਾ ਰੱਦ ਹੋਣ ਦੇ ਫੈਸਲੇ ਤੋਂ ਬਾਅਦ ਮੈਨੇਜਮੈਂਟ ਨੂੰ ਸਮਝ ਆਉਂਦੀ ਹੈ ਜਾਂ ਨਹੀਂ।
ਕੀ ਆਪਣੀ ਜ਼ਿਦ ਦੇ ਚੱਲਦਿਆਂ ਮੈਨੇਜਮੈਂਟ ਇਸ ਕਾਲਜ ਦੇ 1400 ਤੋਂ ਵੱਧ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰੇਗੀ। ਇਸ ਕਾਲਜ ਦੇ 130 ਕਰਮਚਾਰੀਆਂ ਦੇ ਭਵਿੱਖ ਨਾਲ ਖੇਡੇਗੀ ਜਾਂ ਆਪਣੀ ਗ਼ਲਤੀ ਮੰਨ ਕੇ ਇਹਨਾਂ ਅਧਿਆਪਕਾਂ ਨੂੰ ਜੁਆਇਨ ਕਰਵਾਏਗੀ।